![ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ](https://d2ldof4kvyiyer.cloudfront.net/media/17749/muh-khur-1.png)
ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ
ਮੂੰਹ ਖੁਰ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਵਾਇਰਸ (ਐਫਥੋ ਵਾਇਰਸ) ਰਾਹੀਂ ਪਸ਼ੂਆਂ ਵਿੱਚ ਫੈਲਦੀ ਹੈ। ਇਹ ਬਿਮਾਰੀ ਦੋ ਖੁਰਾਂ ਵਾਲੇ ਪਸ਼ੂਆਂ ਜਿਵੇਂ ਕਿ ਗਾਵਾਂ, ਮੱਝਾਂ, ਸੂਰਾਂ, ਭੇਡਾਂ ਅਤੇ ਬੱਕਰੀਆਂ ਵਿੱਚ ਹੁੰਦੀ ਹੈ, ਪਰ ਇਸ ਬਿਮਾਰੀ ਦਾ ਸਭ ਤੋਂ ਵੱਧ ਨੁਕਸਾਨ ਦੁਧਾਰੂ ਗਾਵਾਂ ਅਤੇ ਮੱਝਾਂ ਵਿੱਚ ਹੁੰਦਾ ਹੈ। ਇਸ ਬਿਮਾਰੀ ਵਿੱਚ ਮੌਤ ਦਰ ਬਹੁਤ ਘੱਟ ਹੁੰਦੀ ਹੈ ਪਰ ਦੁੱਧ ਉਤਪਾਦਨ ਵਿੱਚ ਭਾਰੀ ਕਮੀ ਹੋ ਜਾਂਦੀ ਹੈ ਜਿਸ ਕਰਕੇ ਪਸ਼ੂ ਪਾਲਕਾਂ ਨੂੰ ਆਰਥਿਕ ਤੌਰ ਤੇ ਬਹੁਤ ਭਾਰੀ ਨੁਕਸਾਨ ਹੁੰਦਾ ਹੈ।
ਭਾਰਤ ਵਿੱਚ ਮੁੱਖ ਤੌਰ ਤੇ ਇਸ ਵਿਸ਼ਾਣੂ ਦੀਆਂ ਚਾਰ ਕਿਸਮਾਂ “ਓ, ਏ, ਸੀ ਅਤੇ ਏਸ਼ੀਆ-1” ਪਾਈਆਂ ਜਾਂਦੀਆਂ ਹਨ। ਇਹਨਾਂ ਵਿੱਚ 'ਓ' ਕਿਸਮ ਸਭ ਤੋਂ ਜਿਆਦਾ ਪਾਈ ਜਾਂਦੀ ਹੈ। ਇਹ ਬਿਮਾਰੀ ਵਿਦੇਸ਼ੀ ਅਤੇ ਦੋਗਲੀ ਨਸਲ ਦੇ ਪਸ਼ੂਆਂ ਵਿੱਚ ਜ਼ਿਆਦਾ ਨੁਕਸਾਨ ਕਰਦੀ ਹੈ ਅਤੇ ਇਸਦੇ ਵਿਸ਼ਾਣੂ ਆਮ ਤੌਰ ਤੇ ਵਰਤੇ ਜਾਣ ਵਾਲੇ ਕੀਟਾਣੂ ਨਾਸ਼ਕਾਂ ਨਾਲ ਨਹੀਂ ਮਰਦੇ ਅਤੇ ਸੰਕ੍ਰਮਿਤ (Infected) ਫਾਰਮ ਉੱਪਰ ਕਈ ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਹਨ।
ਬਿਮਾਰੀ ਦੇ ਫੈਲਣ ਦੇ ਕਾਰਨ:
ਇਹ ਰੋਗ ਪਸ਼ੂਆਂ ਵਿੱਚ ਬਹੁਤ ਤੇਜੀ ਨਾਲ ਫੈਲਦਾ ਹੈ ਤੇ ਕੁਝ ਹੀ ਸਮੇਂ ਵਿੱਚ ਝੁੰਡ ਜਾਂ ਪੂਰੇ ਪਿੰਡ ਦੇ ਪਸ਼ੂਆਂ ਵਿੱਚ ਫੈਲ ਜਾਂਦਾ ਹੈ। ਇਹ ਵਿਸ਼ਾਣੂ ਬਿਮਾਰ ਪਸ਼ੂ ਦੇ ਸਾਰੇ ਸਤ੍ਰਾਵਾਂ (body orifices) ਵਿੱਚੋਂ ਰਿਸਦਾ ਹੈ ਅਤੇ ਅਨੁਕੂਲ ਵਾਤਾਵਰਨ ਵਿੱਚ ਹਵਾ ਰਾਹੀਂ, ਜ਼ਮੀਨੀਂ ਸਤਾਹ ਤੇ ਦੱਸ ਕਿਲੋਮੀਟਰ ਤੱਕ ਫੈਲ ਸਕਦਾ ਹੈ। ਤੰਦੁਰਸਤ ਜਾਨਵਰ ਵਿੱਚ ਇਹ ਬਿਮਾਰੀ, ਬਿਮਾਰ ਪਸ਼ੂਆਂ ਦੇ ਸੰਪਰਕ ਵਿੱਚ ਆਉਣ ਅਤੇ ਸਾਹ ਰਾਹੀਂ ਹੁੰਦੀ ਹੈ। ਹੋਰ ਸਮਾਨ ਜਿਵੇਂ ਕਿ: ਚਾਰਾ, ਪਾਣੀ, ਬਰਤਨ, ਕੰਮ ਕਰਨ ਵਾਲੇ ਵਿਅਕਤੀ ਜੋ ਬਿਮਾਰ ਪਸ਼ੂਆਂ ਦੇ ਸੰਪਰਕ ਵਿੱਚ ਆਏ ਹੋਣ, ਬਿਮਾਰੀ ਨੂੰ ਫੈਲਾਉਣ ਦਾ ਕੰਮ ਕਰਦੇ ਹਨ। ਬਿਮਾਰ ਪਸ਼ੂ ਦਾ ਵੀਰਜ (semen) ਵੀ ਬਿਮਾਰੀ ਫੈਲਾਅ ਸਕਦਾ ਹੈ। ਇਹ ਵਿਸ਼ਾਣੂ ਕੱਚੇ ਮੀਟ ਅਤੇ ਕੱਚੇ ਦੁੱਧ (ਬਿਨਾਂ ਉਬਾਲੇ ਹੋਏ) ਵਿੱਚ ਹੁੰਦਾ ਹੈ।
ਬਿਮਾਰੀ ਦੇ ਲੱਛਣ:
• ਤੇਜ਼ ਬੁਖਾਰ ਹੋਣਾ (104°-105° F)।
• ਮੂੰਹ ਵਿੱਚੋਂ ਲਾਰਾਂ ਡਿਗਦੀਆਂ ਹਨ ਅਤੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ।
• ਖੁਰਾਂ ਦੇ ਵਿੱਚ ਵੀ ਛਾਲੇ ਅਤੇ ਜ਼ਖਮ ਹੋ ਜਾਂਦੇ ਹਨ ਅਤੇ ਪਸ਼ੂ ਵਿੱਚ ਲੰਗੜਾਪਨ ਆ ਜਾਂਦਾ ਹੈ।
• ਪਸ਼ੂ ਪੱਠੇ ਨਹੀਂ ਖਾਂਦਾ ਜਿਸ ਨਾਲ ਪਸ਼ੂ ਦਾ ਭਾਰ ਅਤੇ ਦੁੱਧ ਬਹੁਤ ਤੇਜ਼ੀ ਨਾਲ ਘੱਟ ਜਾਂਦਾ ਹੈ।
• ਗੱਭਣ ਪਸ਼ੂ ਤੂਅ ਜਾਂਦੇ ਹਨ।
• ਵੱਛੜੂਆਂ ਵਿੱਚ ਵਿਸ਼ਾਣੂ ਦਾ ਦਿਲ ਉੱਤੇ ਮਾੜਾ ਅਸਰ ਹੋਣ ਕਰਕੇ ਬਿਨ੍ਹਾਂ ਹੋਰ ਕੋਈ ਲੱਛਣ ਦਿਸੇ ਅਚਾਨਕ ਮੌਤ ਹੋ ਜਾਂਦੀ ਹੈ।
• ਬਿਮਾਰੀ ਠੀਕ ਹੋਣ ਤੋਂ ਬਾਅਦ ਵੀ ਪਸ਼ੂਆਂ ਵਿੱਚ ਲੰਗੜਾਪਣ, ਹੌਂਕਣਾ ਅਤੇ ਦੁੱਧ ਦਾ ਸੁੱਕ ਜਾਣਾ ਵਰਗੀਆਂ ਅਲ੍ਹਾਮਤਾਂ ਰਹਿ ਜਾਂਦੀਆਂ ਹਨ।
ਇਹ ਵੀ ਪੜ੍ਹੋ : ਵਿਗਿਆਨਕ ਤਰੀਕੇ ਨਾਲ ਕਰੋ Goat Farming, 6 ਗੁਣਾ ਤੱਕ ਮੁਨਾਫਾ, ਜਾਣੋ ਪੂਰਾ ਤਰੀਕਾ
ਬਿਮਾਰੀ ਦੀ ਪਛਾਣ:
ਬਿਮਾਰੀ ਦੇ ਲੱਛਣਾਂ ਤੋਂ ਇਸ ਬਿਮਾਰੀ ਦੀ ਪਛਾਣ ਕੀਤੀ ਜਾ ਸਕਦੀ ਹੈ। ਟਿਸ਼ੂ ਕਲਚਰ, ELISA ਅਤੇ ਪੀ.ਸੀ.ਆਰ ਵਰਗੇ ਟੈਸਟਾਂ ਨਾਲ ਬਿਮਾਰੀ ਦੀ ਪਛਾਣ ਕੀਤੀ ਜਾਂਦੀ ਹੈ। ਇਸ ਲਈ ਬਿਮਾਰ ਪਸ਼ੂ ਦੇ ਮੂੰਹ ਦੇ ਛਾਲਿਆਂ ਦੀ ਝਿਲੀ ਤੇ ਪਾਣੀ ਜਾਂ ਮੂੰਹ ਦੀਆਂ ਲਾਰਾਂ ਦਾ ਸੈਂਪਲ ਲੈਬੋਰਟਰੀ ਨੂੰ ਭੇਜਣਾ ਚਾਹੀਦਾ ਹੈ।
ਬਿਮਾਰੀ ਦਾ ਇਲਾਜ:
ਬਿਮਾਰੀ ਦਾ ਲੱਛਣਾਂ ਅਨੁਸਾਰ ਇਲਾਜ ਕੀਤਾ ਜਾਂਦਾ ਹੈ। ਮੂੰਹ ਦੇ ਛਾਲਿਆਂ ਨੂੰ ਲਾਲ ਦਵਾਈ ਦੇ ਘੋਲ (1:1000) ਨਾਲ ਧੋਇਆ ਜਾ ਸਕਦਾ ਹੈ ਅਤੇ ਬੋਰੋਗਲੈਸਰੀਨ 850 ਐਮ.ਐਲ (ਗਲੈਸਰੀਨ) ਅਤੇ 120 ਗ੍ਰਾਮ ਬੋਰੇਕਸ ਲਗਾਈ ਜਾ ਸਕਦੀ ਹੈ। ਪੈਰਾਂ ਦੇ ਛਾਲਿਆਂ ਨੂੰ ਵੀ ਲਾਲ ਦਵਾਈ ਨਾਲ ਸਾਫ ਕੀਤਾ ਜਾ ਸਕਦਾ ਹੈ। ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਣ ਲਈ ਐਂਟੀਬਾਇਉਟਿਕਸ ਲਗਾਏ ਜਾ ਸਕਦੇ ਹਨ। ਪਸ਼ੂਆਂ ਦੇ ਮੂੰਹ ਵਿੱਚ ਜਖਮ ਹੋਣ ਕਰਕੇ ਪਸ਼ੂਆਂ ਨੂੰ ਨਰਮ ਅਤੇ ਸੰਤੁਲਿਤ ਆਹਾਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਰਦੀਆਂ ਵਿੱਚ Dairy Animals ਦੀ ਸਿਹਤ ਸੰਭਾਲ
![ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ](https://d2ldof4kvyiyer.cloudfront.net/media/17750/muh-khur-2.png)
ਮੂੰਹ ਖੁਰ ਦੀ ਬਿਮਾਰੀ ਤੋਂ ਸਾਵਧਾਨ
ਬਿਮਾਰੀ ਤੋਂ ਬਚਾਓ:
• ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ, ਚਾਰ ਮਹੀਨੇ ਤੋਂ ਵੱਡੀ ਉਮਰ ਦੇ ਸਾਰੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉ ਲਈ ਹਰ 6 ਮਹੀਨੇ ਵਿੱਚ (ਦਸੰਬਰ-ਜਨਵਰੀ ਅਤੇ ਜੂਨ-ਜੁਲਾਈ) ਮੂੰਹ ਖੁਰ ਦੇ ਟੀਕੇ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਪਹਿਲੇ ਟੀਕੇ ਲੱਗਣ ਤੋਂ 3 ਹਫਤੇ ਬਾਅਦ ਬੂਸਟਰ ਟੀਕਾ ਲਗਵਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।
• ਜਦੋਂ ਬਿਮਾਰੀ ਫੈਲੀ ਹੋਵੇ ਉਸ ਸਮੇਂ ਕੋਈ ਵੀ ਨਵਾਂ ਪਸ਼ੂ ਖ਼ਰੀਦਕੇ ਨਹੀਂ ਲਿਆਉਣਾ ਚਾਹੀਦਾ ਅਤੇ ਜਿਸ ਥਾਂ ਜਾਂ ਫਾਰਮ ਤੇ ਬਿਮਾਰੀ ਹੋਵੇ ਉਸ ਥਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਉਸ ਥਾਂ ਤੋਂ ਆਪਦੇ ਪਸ਼ੂਆਂ ਨੂੰ ਕੀਟਾਣੂ ਨਾ ਮਿਲ ਸਕਣ।
• ਬਿਮਾਰੀ ਨੂੰ ਫੈਲਣ ਤੋਂ ਬਚਾਉਣ ਲਈ 4 % ਸੋਡੀਅਮ ਕਾਰਬੋਨੇਟ (400 ਗ੍ਰਾਮ ਸੋਡੀਅਮ ਕਾਰਬੋਨੇਟ 10 ਲੀਟਰ ਪਾਣੀ ਵਿੱਚ) ਜਾਂ 2 % ਸੋਡੀਅਮ ਹਾਈਡ੍ਰੋਕਸਾਇਡ (NaOH) ਨਾਲ ਦਿਨ ਵਿੱਚ ਦੋ ਵਾਰ ਫਾਰਮ ਨੂੰ ਧੋਣਾ ਚਾਹੀਦਾ ਹੈ ਅਤੇ ਇਸ ਨੂੰ 10 ਦਿਨ ਤੱਕ ਦੋਹਰਾਣਾ ਚਾਹੀਦਾ ਹੈ।
• ਫਾਰਮ ਦੇ ਦਰਵਾਜ਼ੇ ਤੇ ਫੁੱਟਬਾਥ ਹੋਣਾ ਚਾਹੀਦਾ ਹੈ ਜਿਸ ਵਿੱਚ ਕੀਟਾਣੂ ਨਾਸ਼ਕ ਦਾ ਘੋਲ ਜਾਂ ਲਾਲ ਦਵਾਈ ਪਾਉਣੀ ਚਾਹੀਦੀ ਹੈ।
• ਕੋਈ ਵੀ ਨਵਾਂ ਪਸ਼ੂ ਲਿਆਉਣ ਵੇਲੇ ਕੁਆਰਨਟਾਇਨ ਦੇ ਨਿਯਮਾਂ (21 ਦਿਨ ਬਾਕੀ ਪਸ਼ੂਆਂ ਤੋਂ ਅਲੱਗ ਰੱਖਣਾ) ਦੀ ਪਾਲਣਾ ਕਰਨੀ ਚਾਹੀਦੀ ਹੈ।
• ਬਿਮਾਰੀ ਵਾਲੇ ਪਿੰਡ ਦੀ ਫਿਰਨੀ ਦੇ ਆਲੇ-ਦੁਆਲੇ 3 ਤੋਂ 4 ਇੰਚ ਮੋਟੀ ਚੂਨੇ ਜਾਂ ਬਲੀਚਿੰਗ ਪਾਊਡਰ ਦਾ ਛਿੜਕਾਅ ਕਰਨਾ ਚਾਹੀਦਾ ਹੈ।
• ਮਰੇ ਹੋਏ ਜਾਨਵਰਾਂ ਨੂੰ ਠੀਕ ਢੰਗ ਨਾਲ ਚੂਨਾ ਪਾ ਕੇ ਦਬਾਉਣਾ ਚਾਹੀਦਾ ਹੈ।
• ਬਿਮਾਰੀ ਹੋਣ ਦੀ ਸੂਰਤ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰ ਨੂੰ ਤੁਰੰਤ ਸੂਚਨਾ ਦੇਣੀ ਚਾਹੀਦੀ ਹੈ।
ਕੰਵਰਪਾਲ ਸਿੰਘ ਢਿੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Beware of foot and mouth disease